ਦਿੱਲੀ ਦੀਆਂ ਸੜਕਾਂ ‘ਤੇ ਕਿੰਨਰਾਂ ਦਰਮਿਆਨ ਹੋਈ ਖੂਨੀ ਝੜਪ , ਤਿੰਨ ਕਿੰਨਰ ਜ਼ਖਮੀ

ਦਿੱਲੀ ਦੀਆਂ ਸੜਕਾਂ 'ਤੇ ਕਿੰਨਰਾਂ ਦਰਮਿਆਨ ਹੋਈ ਖੂਨੀ ਝੜਪ , ਤਿੰਨ ਕਿੰਨਰ ਜ਼ਖਮੀ

ਨਵੀਂ ਦਿੱਲੀ : ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਦੇ ਰੋਸ਼ਨਾ ਰੋਡ ‘ਤੇ ਮੰਗਲਵਾਰ ਨੂੰ ਉਸ ਸਮੇਂ ਹਫੜਾ -ਦਫੜੀ ਦਾ ਮਾਹੌਲ ਬਣ ਗਿਆ ,ਜਦੋਂ ਅਚਾਨਕ ਕਿੰਨਰਾਂ ਦੇ ਇੱਕ ਗਰੁੱਪ ਨੇ ਦੂਜੇ ਗਰੁੱਪ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ 3 ਕਿੰਨਰਾਂ ਨੂੰ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਕਿੰਨਰਾਂ ਦੇ ਇੱਕ ਗਰੁੱਪ ਨੇ ਤਿਉਹਾਰਾਂ ਦੀਆਂ ਵਧਾਈਆਂ ਲੈਣ ਗਏ ਕਿੰਨਰਾਂ ਦੇ ਇੱਕ ਹੋਰ ਗਰੁੱਪ ਉੱਤੇ ਹਮਲਾ ਕਰ ਦਿੱਤਾ। ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਕਿੰਨਰ ਸੋਨਾ ਦੇ ਅਨੁਸਾਰ ਜਦੋਂ ਉਹ ਤਿਉਹਾਰਾਂ ਦੇ ਮੌਕੇ ਉੱਤੇ ਵਧਾਈਆਂ ਲੈਣ ਗਏ ਸਨ ਤਾਂ ਅਚਾਨਕ ਕਿੰਨਰਾਂ ਦੇ ਦੂਜੇ ਗਰੁੱਪ ਨੇ ਉਨ੍ਹਾਂ ਉੱਤੇ ਜਾਨ ਲੇਵਾ ਹਮਲਾ ਕਰ ਦਿੱਤਾ। ਸੋਨਾ ਅਨੁਸਾਰ ਉਨ੍ਹਾਂ ਨੇ ਪਹਿਲਾਂ ਮਿਰਚ ਪਾਊਡਰ ਪਾਇਆ ਅਤੇ ਫਿਰ ਉਨ੍ਹਾਂ ‘ਤੇ ਬੈਲਟ, ਹਾਕੀ, ਚਾਕੂ ਨਾਲ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਇਲਜ਼ਾਮ ਹੈ ਕਿ ਦੂਜੇ ਗਰੁੱਪ ਦੇ ਕਿੰਨਰਾਂ ਨੇ ਸੋਨਾ ਨੂੰ ਸੜਕ ਦੇ ਵਿਚਕਾਰ ਨੰਗਾ ਕਰ ਦਿੱਤਾ ਅਤੇ ਬੇਲਟ ਨਾਲ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਕਿੰਨਰ ਸੋਨਾ ਦਾ ਕਹਿਣਾ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ ਅਤੇ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਸੋਨਾ ਦੇ ਨਾਲ ਤਿਉਹਾਰਾਂ ‘ਤੇ ਵਧਾਈਆਂ ਮੰਗਣ ਗਈ ਕਿੰਨਰ ਸਵਾਤੀ ਦੇ ਅਨੁਸਾਰ ਅਚਾਨਕ ਤਿੰਨਾਂ ‘ਤੇ ਮਿਰਚਾਂ ਸੁੱਟ ਦਿੱਤੀਆਂ ਅਤੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਨ੍ਹਾਂ ਦੋਵਾਂ ਦੀ ਗੁਰੂ ਨਜ਼ੀਰਾ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਪਹਿਲਾਂ ਵੀ ਇਸ ਤਰ੍ਹਾਂ ਹਮਲੇ ਹੋਏ ਹਨ।

ਜਦੋਂ ਉਹ ਵਧਾਈਆਂ ਲੈਣ ਗਏ ਤਾਂ ਦੂਜੇ ਸਮੂਹ ਨੇ ਜਾਨਲੇਵਾ ਹਮਲਾ ਕਰ ਦਿੱਤਾ। ਕਿਸੇ ਤਰ੍ਹਾਂ ਉਸਨੇ ਆਪਣੀ ਜਾਨ ਬਚਾਈ ਪਰ ਉਨ੍ਹਾਂ ਦੇ ਤਿੰਨ ਚੇਲਿਆਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ। ਦੋਸ਼ ਹੈ ਕਿ ਪੁਲਿਸ ਨੇ ਉਸਦੀ ਸ਼ਿਕਾਇਤ ਵੀ ਨਹੀਂ ਲਿਖੀ ਅਤੇ ਕਿਹਾ ਕਿ ਤੁਸੀਂ ਖੁਦ ਜਾ ਕੇ ਐਮਐਲਸੀ ਕਰਵਾ ਲਓ। ਦੋਸ਼ ਹੈ ਕਿ ਕਿੰਨਰਾਂ ਦੇ ਦੂਜੇ ਗਰੁੱਪ ਨੇ ਇਨ੍ਹਾਂ ਤਿੰਨਾਂ ਦੇ ਪੈਸੇ, ਮੋਬਾਈਲ ਅਤੇ ਗਹਿਣੇ ਲੁੱਟ ਲਏ।
-PTCNews