ਚੋਰਾਂ ਨੇ ਦਿਨ ਦਿਹਾੜੇ ਲੁੱਟਿਆ ਘਰ, ਵਾਰਦਾਤ CCTV ‘ਚ ਕੈਦ

ਫਿਲੌਰ- ਪਿੰਡ ਮੀਰਾਪੁਰ ਵਿਖੇ ਚੋਰਾਂ ਵਲੋਂ ਦਿਨ ਦਿਹਾੜੇ ਚੋਰੀ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਚੋਰ ਕੋਠੀ ‘ਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਦੱਸ ਦੇਈਏ ਇਹ ਛੋਟੀ ਦੀ ਵਾਰਦਾਤ ਥਾਣਾ ਗੁਰਾਇਆ ਅਧੀਨ ਪੈਂਦੀ ਪੁਲਿਸ ਚੌਕੀ ਦੁਸਾਂਝ ਕਲਾਂ ਹੇਠ ਆਉਂਦੇ ਪਿੰਡ ਮੀਰਾਪੁਰ ਵਿਖੇ ਹੋਈ ਹੈ। ਇਸ ਚੋਰੀ ਦੀ ਘਟਨਾ ਉਸ ਕੋਠੀ ਵਿੱਚ ਲਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

ਘਟਨਾ ਦੀ ਜਾਣਕਾਰੀ ਦਿੰਦਿਆਂ ਹਰਮਨ ਪੁੱਤਰ ਭੁਪਿੰਦਰ ਸਿੰਘ ਵਾਸੀ ਜੰਡ ਜਿਲਾ ਲੁਧਿਆਣਾ ਨੇ ਦੱਸਿਆ ਕਿ ਇਹ ਘਰ ਉਸ ਦੀ ਭੈਣ ਦਾ ਹੈ, ਉਸ ਦਾ ਜੀਜਾ ਗੁਰਇਕਵਾਲ ਸਿੰਘ ਪੁੱਤਰ ਰਜਿੰਦਰ ਸਿੰਘ ਜੋ ਕਿ ਵਿਦੇਸ਼ ਰਹਿੰਦਾ ਹੈ ਅਤੇ ਉਸ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਣ ਉਸ ਦੀ ਭੈਣ ਇਕੱਲੀ ਹੀ ਘਰ ਵਿੱਚ ਰਹਿੰਦੀ ਹੈ ਅਤੇ ਉਸ ਦੀ ਭੈਣ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ।

ਦੁਪਿਹਰ ਕਰੀਬ ਦੋ ਵਜੇ ਚੋਰਾਂ ਨੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਅਲਮਾਰੀ ਵਿੱਚੋਂ ਇੱਕ ਸੋਨੇ ਦਾ ਸੈੱਟ, ਇਕ ਕੜਾ, 2 ਜੋੜੇ ਟੌਪਸ, 4 ਚੂੜੀਆਂ, ਇੱਕ ਘੜੀ, 35,000 ਰੁਪਏ ਅਤੇ ਕੁੱਝ ਡਾਲਰ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਵਲੋਂ ਦਿਖਾਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਘਰ ਵਿੱਚ ਦਾਖਲ ਹੋਏ ਇੱਕ ਲੁਟੇਰੇ ਦੇ ਹੱਥ ਵਿੱਚ ਲੋਹੇ ਦੀ ਰਾੜ ਅਤੇ ਇੱਕ ਲੁਟੇਰੇ ਕੋਲ ਬੈਗ ਦਿਖਾਈ ਦੇ ਰਿਹਾ ਹੈ। ਪੀੜਤ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਦੁਸਾਂਝ ਕਲਾਂ ਦੀ ਪੁਲਿਸ ਨੂੰ ਦੇ ਦਿਤੀ ਹੈ।

-PTC News