ਸਿੰਘੂ ਬਾਰਡਰ ਕਤਲ ਮਾਮਲਾ: ਨੌਜਵਾਨ ਲਖਬੀਰ ਸਿੰਘ ਦੇ ਅੰਤਿਮ ਸਸਕਾਰ ‘ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਵਿਰੋਧ

ਤਰਨਤਾਰਨ: ਦਿੱਲੀ -ਹਰਿਆਣਾ ਸਰਹੱਦ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਨੇੜੇ ਇਕ ਨੌਜਵਾਨ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਧਾਤੂ ਦੀ ਤਾਰ ਨਾਲ ਬੰਨ੍ਹ ਕੇ ਬੈਰੀਕੇਡ ਨਾਲ ਟੰਗ ਦਿੱਤਾ ਗਿਆ ਸੀ।

ਦੱਸ ਦੇਈਏ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੀਮਾ ਖੁਰਦ ਦਾ ਰਹਿਣ ਵਾਲਾ ਲਖਬੀਰ ਸਿੰਘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਸਨ ਜਿਸ ਨੂੰ ਨਿਹੰਗ ਸਿੰਘਾਂ ਨੇ ਬੜੀ ਹੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਜਦਕਿ ਕੁਝ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਲਖਬੀਰ ਸਿੰਘ ਨਸ਼ੇ ਅਤੇ ਸ਼ਰਾਬ ਪੀਣ ਦਾ ਆਦੀ ਸੀ।

ਪਰ ਇਸ ਘਟਨਾ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ ਜਦਕਿ ਗੁੱਸੇ ਵਿੱਚ ਆਏ ਕੁਝ ਪਿੰਡ ਵਾਸੀਆਂ ਨੇ ਕਿਹਾ ਕਿ ਲਖਬੀਰ ਸਿੰਘ ਵੱਲੋਂ ਜੋ ਘਟਨਾ ਕੀਤੀ ਗਈ ਭਾਵੇਂ ਕਿ ਉਹ ਲਾਲਚ ਜਾਂ ਨਸ਼ੇ ਦੀ ਲੋਰ ਵਿੱਚ ਕੀਤੀ ਗਈ ਪਰ ਬੜੀ ਹੀ ਮੰਦਭਾਗੀ ਘਟਨਾ ਹੈ। ਦੂਜੇ ਪਾਸੇ ਪਿੰਡ ਵਾਸੀ ਨੇ ਕਿਹਾ ਅਜਿਹੇ ਪਾਪੀ ਬੰਦੀ ਦਾ ਪਿੰਡ ਵਿੱਚ ਅੰਤਿਮ ਸਸਕਾਰ ਨਹੀਂ ਹੋਣ ਦਿੱਤਾ ਜਾਵੇਗਾ।

ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਲਖਬੀਰ ਸਿੰਘ ਦੀ ਮ੍ਰਿਤਕ ਦੇਹ ਦਾ ਦਿੱਲੀ ਵਿੱਚ ਹੀ ਅੰਤਿਮ ਸੰਸਕਾਰ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲਖਬੀਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪਿੰਡ ਵਿਚ ਨਹੀਂ ਕਰਨ ਦਿੱਤਾ ਜਾਵੇਗਾ। ਜੇਕਰ ਪਿੰਡ ਵਿਚ ਉਸਦਾ ਅੰਤਿਮ ਸਸਕਾਰ ਕੀਤਾ ਗਿਆ ਤੇ ਉਸ ਦਾ ਖੁੱਲ੍ਹ ਕੇ ਵਿਰੋਧ ਵੀ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਦੂਜੀਆ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਮੁੱਦੇ ‘ਤੇ ਕੋਈ ਵੀ ਪ੍ਰਤੀਕਿਰਿਆ ਕਰ ਕੇ ਇਸ ਮਾਮਲੇ ਨੂੰ ਹੋਰ ਭੜਕਾਇਆ ਨਾ ਜਾਵੇ।

-PTC News