PEDA ਵੱਲੋਂ ਸੂਬੇ ‘ਚ ਝੋਨੇ ਦੀ ਪਰਾਲੀ ’ਤੇ ਅਧਾਰਿਤ ਪੰਜਾਬ ਬਾਇਓਗੈਸ ਪ੍ਰਾਜੈਕਟਾਂ ਲਈ ਸਮਝੌਤਾ ਸਹੀਬੰਦ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਅਤੇ ਪੇਡਾ ਦੇ ਚੇਅਰਮੈਨ ਐਚ.ਐਸ.ਹੰਸਪਾਲ ਦੀ ਮੌਜੂਦਗੀ ਵਿਚ ਸੂਬੇ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੀ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਮੈਸਰਜ਼ ਐਵਰਐਨਵਾਇਰੋ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਮੁੰਬਈ ਨਾਲ ਸੂਬੇ ਵਿੱਚ ਝੋਨੇ ਦੀ ਪਰਾਲੀ ‘ਤੇ ਅਧਾਰਤ ਪੰਜ ਬਾਇਓਗੈਸ ਪ੍ਰੋਜੈਕਟਾਂ ਲਈ ਦਸਤਖ਼ਤ ਕਰਕੇ ਸਮਝੌਤਾ ਸਹੀਬੰਦ ਕੀਤਾ।

ਇਸ ਮੌਕੇ ਪੇਡਾ ਦੇ ਸੀ.ਈ.ਓ ਰੰਧਾਵਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਜਗਰਾਉਂ, ਮੋਗਾ, ਧੂਰੀ, ਪਾਤੜਾਂ ਅਤੇ ਫਿਲੌਰ ਤਹਿਸੀਲਾਂ ਵਿੱਚ ਸਥਾਪਤ ਕੀਤੇ ਜਾਣਗੇ। ਇਹ ਕੰਪਨੀ, ਰਾਜ ਦੀ ਐਨ.ਆਰ.ਐਸ.ਈ.ਨੀਤੀ-2012 ਦੇ ਤਹਿਤ ਬਣਾਉਣ, ਚਲਾਉਣ ਅਤੇ ਮਾਲਕੀ (ਬੀਓਓ) ਦੇ ਅਧਾਰ ‘ਤੇ ਲਗਭਗ 500 ਕਰੋੜ ਰੁਪਏ ਦੇ ਨਿੱਜੀ ਨਿਵੇਸ਼ ਨਾਲ ਇਨ੍ਹਾਂ ਪ੍ਰੋਜੈਕਟਾਂ ਦੀ ਸਥਾਪਨਾ ਕਰੇਗੀ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਸਮਰੱਥਾ 222000 ਘਣ ਮੀਟਰ ਰਾਅ ਬਾਇਓ ਗੈਸ ਪ੍ਰਤੀ ਦਿਨ ਹੈ ਜਿਸ ਨੂੰ ਸ਼ੁੱਧ ਕੀਤਾ ਜਾਵੇਗਾ ਤਾਂ ਜੋ ਪ੍ਰਤੀ ਦਿਨ 92 ਟਨ ਬਾਇਓ ਸੀਐਨਜੀ/ਸੀਬੀਜੀ ਪ੍ਰਾਪਤ ਕੀਤੀ ਜਾ ਸਕੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਉਪ-ਉਤਪਾਦ ਵਜੋਂ ਜੈਵਿਕ ਖਾਦ ਵੀ ਤਿਆਰ ਕੀਤੀ ਜਾਵੇਗੀ ਜੋ ਖੇਤੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਏਗੀ ਅਤੇ ਰਸਾਇਣਕ ਖਾਦ ਦੀ ਵਰਤੋਂ ਨੂੰ ਵੀ ਬਦਲੇਗੀ।

ਇਹ ਪ੍ਰੋਜੈਕਟ ਦਸੰਬਰ, 2023 ਤੱਕ ਜਾਂ ਇਸ ਤੋਂ ਪਹਿਲਾਂ ਬਾਇਓ ਸੀਐਨਜੀ ਦਾ ਵਪਾਰਕ ਉਤਪਾਦਨ ਸ਼ੁਰੂ ਕਰ ਦੇਣਗੇ। ਇਹ ਪ੍ਰੋਜੈਕਟ ਲਗਭਗ 7000 ਵਿਅਕਤੀਆਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਪ੍ਰਦਾਨ ਕਰਨਗੇ। ਇਨ੍ਹਾਂ ਪ੍ਰਾਜੈਕਟਾਂ ਦੇ ਚਾਲੂ ਹੋਣ ‘ਤੇ ਲਗਭਗ 3.5 ਲੱਖ ਟਨ ਸਾਲਾਨਾ ਝੋਨੇ ਦੀ ਪਰਾਲੀ ਦੀ ਖਪਤ ਹੋਵੇਗੀ। ਇਸ ਤਰ੍ਹਾਂ ਰਾਜ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਇਨ੍ਹਾਂ ਪ੍ਰਾਜੈਕਟਾਂ ਲਈ ਖੇਤੀ ਦੀ ਰਹਿੰਦ-ਖੂੰਹਦ ਦੀ ਵਿਕਰੀ ਨਾਲ ਵੀ ਲਾਭ ਹੋਵੇਗਾ ਅਤੇ ਪਰਾਲੀ ਸਾੜਨ ਦੀ ਸਮੱਸਿਆ ਤੋਂ ਵੀ ਕਾਫੀ ਨਿਜਾਤ ਮਿਲੇਗੀ।

ਸੀ.ਈ.ਓ. ਨੇ ਅੱਗੇ ਦੱਸਿਆ ਕਿ ਪੇਡਾ ਨੇ ਰਾਜ ਵਿੱਚ ਕੁੱਲ 263 ਟਨ ਪ੍ਰਤੀ ਦਿਨ ਸਮਰੱਥਾ ਵਾਲੇ 23 ਅਜਿਹੇ ਬਾਇਓ ਸੀਐਨਜੀ ਪ੍ਰੋਜੈਕਟ, ਪ੍ਰਾਈਵੇਟ ਡਿਵੈਲਪਰਾਂ ਨੂੰ ਬੀਓਓ ਦੇ ਅਧਾਰ ‘ਤੇ ਅਲਾਟ ਕੀਤੇ ਹਨ, ਜਿਨ੍ਹਾਂ ਵਿੱਚ ਉਪਰੋਕਤ 5 ਪ੍ਰੋਜੈਕਟ ਵੀ ਸ਼ਾਮਲ ਹਨ। ਇਹ ਪ੍ਰੋਜੈਕਟ 2022-23 ਅਤੇ 2023-24 ਤੱਕ ਲਗਭਗ 1300-1500 ਕਰੋੜ ਰੁਪਏ ਦੇ ਨਿੱਜੀ ਨਿਵੇਸ਼ ਨਾਲ ਪੂਰੇ ਕੀਤੇ ਜਾਣਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਲਗਭਗ 35000 ਵਿਅਕਤੀਆਂ ਨੂੰ ਸਿੱਧੇ/ਅਸਿੱਧੇ ਤੌਰ ‘ਤੇ ਰੁਜ਼ਗਾਰ ਮਿਲੇਗਾ। ਇਹ ਪ੍ਰੋਜੈਕਟ ਚਾਲੂ ਹੋਣ ‘ਤੇ ਲਗਭਗ 9 ਲੱਖ ਟਨ ਸਾਲਾਨਾ ਝੋਨੇ ਦੀ ਪਰਾਲੀ ਦੀ ਖਪਤ ਕਰਨਗੇ।

ਮੈਸਰਜ਼ ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਪਿੰਡ ਭੁਟਾਲ ਕਲਾਂ, ਜ਼ਿਲ੍ਹਾ ਸੰਗਰੂਰ ਵਿੱਚ ਪ੍ਰਤੀ ਦਿਨ 33.23 ਟਨ ਬਾਇਓ-ਸੀਐਨਜੀ ਸਮਰੱਥਾ ਦਾ ਸਥਾਪਤ ਕੀਤਾ ਜਾ ਰਿਹਾ ਸਭ ਤੋਂ ਵੱਡਾ ਪ੍ਰੋਜੈਕਟ ਹੈ, ਦਸੰਬਰ 2021 ਤੱਕ ਵਪਾਰਕ ਉਤਪਾਦਨ ਸ਼ੁਰੂ ਕਰ ਦੇਵੇਗਾ। ਇਸ ਪ੍ਰੋਜੈਕਟ ਵਿੱਚ ਲਗਭਗ 1.25 ਲੱਖ ਟਨ ਝੋਨੇ ਦੀ ਪਰਾਲੀ ਦੀ ਖਪਤ ਕੀਤੀ ਜਾਵੇਗੀ।

ਮੈਸਰਜ਼ ਐਵਰਐਨਵਾਇਰੋ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੇ ਸੂਬੇ ਵਿੱਚ 5 ਹੋਰ ਬਾਇਓ ਸੀਐਨਜੀ ਪ੍ਰੋਜੈਕਟਾਂ ਦੀ ਅਲਾਟਮੈਂਟ ਲਈ ਵੀ ਪੇਡਾ ਨੂੰ ਬੇਨਤੀ ਕੀਤੀ ਹੈ। ਪੇਡਾ ਦੁਆਰਾ ਕੰਪਨੀ ਨੂੰ ਅਗਲੇਰੀ ਲੋੜੀਂਦੀ ਕਾਰਵਾਈ ਲਈ ਇਹਨਾਂ ਪ੍ਰੋਜੈਕਟਾਂ ਦੀਆਂ ਪੂਰਵ ਸੰਭਾਵਨਾਵਾਂ ਦੀਆਂ ਰਿਪੋਰਟਾਂ ਪੇਸ਼ ਕਰਨ ਲਈ ਕਿਹਾ ਗਿਆ ਹੈ।

ਮੈਸਰਜ਼ ਐਵਰਐਨਵਾਇਰੋ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਗ੍ਰੀਨ ਗ੍ਰੋਥ ਇਕੁਇਟੀ ਫੰਡ ਦੀ 100 ਫੀਸਦੀ ਸਹਾਇਕ ਕੰਪਨੀ ਹੈ, ਜਿਸ ਦਾ ਸਮਰਥਨ ਰਾਸ਼ਟਰੀ ਬੁਨਿਆਦੀ ਢਾਂਚਾ ਅਤੇ ਨਿਵੇਸ਼ ਫੰਡ, ਭਾਰਤ ਸਰਕਾਰ ਅਤੇ ਵਿਦੇਸ਼ੀ, ਰਾਸ਼ਟਰ ਮੰਡਲ ਅਤੇ ਵਿਕਾਸ ਦਫਤਰ (ਐਫ.ਸੀ.ਡੀ.ਓ.), ਯੂ.ਕੇ. ਸਰਕਾਰ ਦੁਆਰਾ ਕੀਤਾ ਜਾਂਦਾ ਹੈ।

-PTC News