ਕਿਸਾਨਾਂ ਤੇ ਮਹਿੰਗਾਈ ਮੁੱਦਿਆਂ ‘ਤੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ: ਕਿਸਾਨਾਂ, ਮਹਿੰਗਾਈ ਅਤੇ ਸਰਹੱਦੀ ਮੁੱਦਿਆਂ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨਾਕਾਮ ਸੀ, ਨਾਕਾਮ ਹੈ। ਇਸ ਦੌਰਾਨ ਉਨ੍ਹਾਂ ਟਵੀਟ ਕੀਤਾ, “ਕਿਸਾਨ ਪਰੇਸ਼ਾਨ ਹਨ, ਮਹਿੰਗਾਈ ਅਸਮਾਨ ‘ਤੇ ਪਹੁੰਚ ਗਈ ਹੈ, ਸਰਹੱਦਾਂ ‘ਤੇ ਹੰਗਾਮਾ ਹੈ, ਭਾਰਤ ਅਜੇ ਵੀ ਮਹਾਨ ਹੈ, ਪਰ ਕੇਂਦਰ ਸਰਕਾਰ ਨਾਕਾਮ ਸੀ, ਨਾਕਾਮ ਹੈ।”

 

ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਕਈ ਮਹੀਨਿਆਂ ਤੋਂ ਧਰਨੇ ‘ਤੇ ਬੈਠੇ ਹਨ। ਜਿਸ ਨੂੰ ਲੈ ਕੇ ਰਾਹੁਲ ਗਾਂਧੀ ਪਹਿਲਾਂ ਵੀ ਕਈ ਵਾਰ ਕੇਂਦਰ ‘ਤੇ ਹਮਲਾ ਬੋਲ ਚੁੱਕੇ ਹਨ। ਕਿਸਾਨਾਂ ਦੀ ਮੰਗ ਹੈ ਕਿ ਮੋਦੀ ਸਰਕਾਰ ਤਿੰਨੋਂ ਖੇਤੀ ਕਾਨੂੰਨ ਵਾਪਸ ਲਵੇ। ਹਾਲਾਂਕਿ ਇਸ ਮੁੱਦੇ ‘ਤੇ ਹੁਣ ਤੱਕ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਅਜਿਹੀ ਸਥਿਤੀ ਵਿੱਚ ਕਿਸਾਨਾਂ ਦਾ ਵਿਰੋਧ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ।

ਇਸ ਤੋਂ ਇਲਾਵਾ ਰਾਹੁਲ ਨੇ ਆਪਣੇ ਟਵੀਟ ‘ਚ ਮਹਿੰਗਾਈ ਦਾ ਵੀ ਜ਼ਿਕਰ ਕੀਤਾ ਹੈ। ਦੇਸ਼ ‘ਚ ਮਹਿੰਗਾਈ ਆਪਣੇ ਸਿਖਰ ‘ਤੇ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ‘ਚ ਪਹਿਲੀ ਵਾਰ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਵਿਕ ਰਿਹਾ ਹੈ। ਇਸ ਤੋਂ ਇਲਾਵਾ, ਤਿਉਹਾਰਾਂ ਦੇ ਸੀਜ਼ਨ ਦੇ ਆਗਮਨ ਦੇ ਨਾਲ, ਕਰਿਆਨੇ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ।

-PTC News