ਨਿਊਜ਼ੀਲੈਂਡ: ਸਮੁੰਦਰੀ ਲਹਿਰਾਂ ‘ਚ ਰੁੜ੍ਹੀ 18 ਸਾਲਾ ਪੰਜਾਬੀ ਮੁਟਿਆਰ, ਪਰਿਵਾਰ ‘ਚ ਸੋਗ ਦੀ ਲਹਿਰ

ਔਕਲੈਂਡ: ਪੁੱਕੀਕੋਹੀ ਵਸਦੇ ਇਕ ਪੰਜਾਬੀ ਪਰਿਵਾਰ ਵਿਚ ਉਸ ਵੇਲੇ ਘੁੱਪ ਹਨ੍ਹੇਰਾ ਛਾਅ ਗਿਆ ਜਦੋਂ ਪਰਿਵਾਰ ਦੀ ਹੋਣਹਾਰ ਧੀ ਨੂੰ ਕੈਰਿਓਤਾਹੀ ਬੀਚ ਦੀਆਂ ਦੋਹਰੀਆਂ ਲਹਿਰਾਂ ਨੇ ਆਪਣੇ ਘੇਰੇ ਵਿਚ ਘੇਰ ਲਿਆ ਅਤੇ ਮੌਕੇ ਤੇ ਹੀ ਮੌਤ ਗਈ। ਦੱਸ ਦੇਈਏ ਕਿ ਪੰਜਾਬੀ ਪਰਿਵਾਰ ਜਤਿੰਦਰ ਸਿੰਘ ਅਤੇ ਕੁਲਵਿੰਦਰ ਕੌਰ ਦੀ 18 ਸਾਲਾ ਧੀ ਸਿਮਰਪ੍ਰੀਤ ਕੌਰ ਤੈਰਾਕੀ ਵਿਚ ਨਿਪੁੰਨ ਸੀ।

ਬੀਤੇ ਮੰਗਲਵਾਰ ਦੀ ਸ਼ਾਮ ਇਹ ਕੁੜੀ ਆਪਣੇ ਘਰ ਤੋਂ ਲਗਪਗ 30 ਕਿਲੋਮੀਟਰ ਦੂਰ ਬੀਚ ‘ਤੇ ਆਪਣੀ ਛੋਟੀ ਭੈਣ ਨਾਲ ਗਰਮੀ ਦੇ ਚਲਦਿਆਂ ਆਮ ਲੋਕਾਂ ਵਾਂਗ ਬੀਚ ਉਤੇ ਨਹਾਉਣ ਆਦਿ ਗਈ ਸੀ। ਦੋਵੇਂ ਭੈਣਾਂ ਹੱਥ ਫੜ ਕੇ ਲੱਕ-ਲੱਕ ਤੱਕ ਪਾਣੀ ਦੀ ਡੁੰਘਾਈ ਤੱਕ ਹੀ ਸਨ। ਇਸ ਦੌਰਾਨ ਆਈਆਂ ਛੱਲਾਂ ਨੇ ਸਿਮਰਪ੍ਰੀਤ ਕੌਰ ਨੂੰ ਘੇਰ ਲਿਆ ਅਤੇ ਹੱਥ ਛੁੱਟ ਗਿਆ।

ਮਿਲੀ ਜਾਣਕਾਰੀ ਦੇ ਮੁਤਾਬਿਕ ਛੋਟੀ ਭੈਣ ਕਿਸੀ ਤਰ੍ਹਾਂ ਬਚ ਗਈ, ਪਰ ਵੱਡੀ ਭੈਣ ਸਿਮਰਪ੍ਰੀਤ ਕੌਰ ਪਾਣੀ ਦੇ ਵਹਾਅ ਵਿਚ ਵਹਿ ਗਈ। ਸਿਮਰਪ੍ਰੀਤ ਕੌਰ ਇਥੇ ਦੀ ਜੰਮਪਲ ਸੀ ਅਤੇ ਪੁੱਕੀਕੋਈ ਹਾਈ ਸਕੂਲ ਦੀ ਪੜ੍ਹਾਈ ਖਤਮ ਕਰਕੇ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਸੀ। ਸਿਮਰਪ੍ਰੀਤ ਦਾ ਇਕ ਛੋਟਾ ਭਰਾ ਹੈ। ਬੱਚੀ ਦਾ ਅੰਤਿਮ ਸੰਸਕਾਰ ਕੈਨੇਡਾ ਤੋਂ ਰਿਸ਼ਤੇਦਾਰਾਂ ਦੇ ਆਉਣ ਉਤੇ ਕੀਤਾ ਜਾਣਾ ਹੈ। ਹੋਣਹਾਰ ਧੀ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ।

ਸਿਮਰਪ੍ਰੀਤ ਕੌਰ ਆਪਣੇ ਪਿੱਛੇ ਮਾਤਾ-ਪਿਤਾ ਜਤਿੰਦਰ ਸਿੰਘ, ਕੁਲਵਿੰਦਰ ਕੌਰ ਅਤੇ ਇੱਕ ਛੋਟਾ ਭਰਾ ਛੱਡ ਗਈ। ਪਰਿਵਾਰ ਪੁੱਕੀਕੋਹੀ ਵਿੱਚ ਰਹਿ ਰਿਹਾ ਸੀ।

-PTC News