ਦੁਸ਼ਹਿਰੇ ਮੌਕੇ ਸੰਨੀ ਦਿਓਲ ਦੀ ਫਿਲਮ ‘ਗਦਰ 2’ ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼

ਮੁੰਬਈ: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਫਿਲਮ ਗਦਰ ਦੇ ਜ਼ਰੀਏ ਹਰ ਕਿਸੇ ਦੇ ਦਿਲਾਂ ਵਿਚ ਇਕ ਵੱਖਰੀ ਪਛਾਣ ਬਣਾਈ ਸੀ। ‘ਗਦਰ’ ਇਕ ਪ੍ਰੇਮ ਕਥਾ’ ਹਿੰਦੀ ਸਿਨੇਮਾ ਦੇ ਇਤਿਹਾਸ ‘ਚ ਸਭ ਤੋਂ ਜ਼ਿਆਦਾ ਮਸ਼ਹੂਰ ਅਤੇ ਬਾਕਸ ਆਫਿਸ ‘ਤੇ ਸਫਲ ਫਿਲਮਾਂ ‘ਚ ਸ਼ਾਮਲ ਹੈ। ਹੁਣ ਇਸ ਦੀ ਰਿਲੀਜ਼ ਦੇ 20 ਸਾਲ ਬਾਅਦ ਇਸ ਦੇ ਸੀਕਵਲ ‘ਗਦਰ 2’ ਦਾ ਐਲਾਨ ਕੀਤਾ ਗਿਆ ਹੈ। ਫਿਲਮ ‘ਗਦਰ 2’ ਦਾ ਨਿਰਦੇਸ਼ਨ ਅਨਿਲ ਸ਼ਰਮਾ ਕਰਨਗੇ।

ਫਿਲਮ ‘ਗਦਰ 2’ ਦੀ ਕਹਾਣੀ ਸ਼ਕਤੀਮਾਨ ਤਲਵਾੜ ਦੁਆਰਾ ਲਿਖੀ ਗਈ ਹੈ, ਜੋ ‘ਗਦਰ- ਏਕ ਪ੍ਰੇਮ ਕਥਾ’ ਦੇ ਲੇਖਕ ਵੀ ਹਨ। ਸੰਗੀਤ ਮਿਥੁਨ ਦਾ ਹੈ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ‘ਗਦਰ 2’ ਫਿਲਮ ਦਾ ਨਿਰਮਾਣ ਅਨਿਲ ਸ਼ਰਮਾ ਨੇ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਕੀਤਾ ਹੈ।

 

ਸੰਨੀ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ- ਦੋ ਦਹਾਕਿਆਂ ਬਾਅਦ ਉਡੀਕ ਆਖਰਕਾਰ ਖਤਮ ਹੋ ਗਈ ਹੈ। ‘ਗਦਰ 2’ ਫਿਲਮ ਦਾ ਮੋਸ਼ਨ ਪੋਸਟਰ ਦੁਸਹਿਰੇ ਦੇ ਸ਼ੁੱਭ ਮੌਕੇ ‘ਤੇ ਰਿਲੀਜ਼ ਹੋਇਆ ਹੈ।

ਗਦਰ 2 ਸ਼ੁਰੂ ਕਰਨ ਤੋਂ ਪਹਿਲਾਂ ਅਨਿਲ ਸ਼ਰਮਾ ਪਰਿਵਾਰਕ ਫਿਲਮ ਆਪਨੇ ਦੇ ਸੀਕਵਲ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇਸ ਫਿਲਮ ਵਿੱਚ ਦਿਓਲ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਇੱਕਠੇ ਨਜ਼ਰ ਆਉਣਗੀਆਂ। ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ ਅਤੇ ਕਰਨ ਦਿਓਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਸਤੰਬਰ ‘ਚ ਲਾਂਚ ਕੀਤੀ ਜਾਏਗੀ। ਇਸ ਦੀ ਸ਼ੂਟਿੰਗ ਲਈ ਪੰਜਾਬ ਅਤੇ ਲੰਡਨ ਵਿਚ ਯੋਜਨਾਵਾਂ ਚੱਲ ਰਹੀਆਂ ਹਨ। ਗਦਰ ਦਾ ਸੀਕਵਲ ਅਪਨੇ 2 ਦੀ ਸ਼ੂਟਿੰਗ ਅਤੇ ਪੋਸਟ ਪ੍ਰੋਡਕਸ਼ਨ ਖਤਮ ਹੋਣ ਤੋਂ ਬਾਅਦ ਹੀ ਸ਼ੁਰੂ ਹੋਵੇਗਾ।

-PTC News