ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦੇਣ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਚੁੱਕਿਆ ਧਰਨਾ

ਪਟਿਆਲਾ : ਤਨਖਾਹ ਕਮਿਸ਼ਨ ਵਿੱਚ ਮੁਲਾਜ਼ਮ ਹਿੱਤਾਂ ਅਨੁਸਾਰ ਸੋਧਾਂ ਕਰਵਾਉਣ, ਪੈਨਸ਼ਨਰਾਂ ਦੇ ਤਨਖਾਹ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ, ਪਰਖ ਸਮਾਂ ਐਕਟ ਰੱਦ ਕਰਦੇ ਹੋਏ 31-12-15 ਤੋਂ ਬਾਅਦ ਭਰਤੀ/ਰੈਗੂਲਰ ਹੋਏ ਮੁਲਾਜ਼ਮਾਂ ਨੂੰ ਬਾਕੀ ਮੁਲਾਜ਼ਮਾਂ ਦੇ ਬਰਾਬਰ ਲਾਭ ਦਿਵਾਉਣ, ਹਰ ਤਰਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ, ਸਮੇਤ ਹੋਰ ਮੁਲਾਜ਼ਮ ਮੰਗਾਂ ਸੰਬੰਧੀ ਚੱਲ ਰਹੇ ਸੰਘਰਸ਼ ਨੂੰ ਤੇਜ ਕਰਦਿਆਂ ‘ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ’ ਵੱਲੋਂ ਅੱਜ ਸਥਾਨਕ ਬੱਸ ਅੱਡੇ ਦੇ ਨੇੜੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਸਾਂਝੇ ਫਰੰਟ ਦੀ ਅਗਵਾਈ ਵਿੱਚ ਪੰਜਾਬ ਦੇ ਕੋਨੇ ਕੋਨੇ ਵਿੱਚ ਪੁੱਜੇ ਹਜ਼ਾਰਾਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਵੱਲੋਂ ਸਥਾਨਕ ਚੁੰਨੀ ਚੌੰਕ ਵਿੱਚ ਰੈਲੀ ਕਰਨ ਉਪਰੰਤ ਮੋਰਿੰਡਾ-ਚੰਡੀਗੜ੍ਹ ਰੋਡ ਚੱਕਾ ਜਾਮ ਕੀਤਾ ਗਿਆ। ਇਹ ਚੱਕਾ ਜਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ 21 ਅਕਤੂਬਰ ਦੀ ਮੀਟਿੰਗ ਤੈਅ ਹੋਣ ਤੋਂ ਬਾਅਦ ਖੋਲਿਆ ਗਿਆ।

ਇਸ ਮੌਕੇ ਸੰਬੋਧਨ ਸਾਂਝੇ ਫਰੰਟ ਦੇ ਆਗੂਆਂ ਕਰਮ ਸਿੰਘ ਧਨੋਆ, ਸਤੀਸ਼ ਰਾਣਾ, ਜਗਦੀਸ਼ ਚਾਹਲ, ਜਰਮਨਜੀਤ ਸਿੰਘ, ਸੁਖਦੇਵ ਸਿੰਘ ਸੈਣੀ, ਪ੍ਰੇਮ ਸਾਗਰ ਸ਼ਰਮਾਂ, ਠਾਕੁਰ ਸਿੰਘ, ਸਤਨਾਮ ਸਿੰਘ, ਅਵਿਨਾਸ਼ ਚੰਦਰ ਸ਼ਰਮਾਂ, ਸੁਖਜੀਤ ਸਿੰਘ, ਜਸਵੀਰ ਤਲਵਾੜਾ, ਬਾਜ ਸਿੰਘ ਖਹਿਰਾ ਆਦਿ ਨੇ ਆਖਿਆ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੂੰ ਮਜ਼ਬੂਰੀ ਵੱਸ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਪੱਕਾ ਮੋਰਚਾ ਸ਼ੁਰੂ ਕਰਨਾ ਪਿਆ ਹੈ।

ਆਗੂਆਂ ਨੇ ਆਖਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਹੋਣ ਉਪਰੰਤ ਉਹਨਾਂ ਵੱਲੋਂ 2 ਅਕਤੂਬਰ ਤੋਂ ਲਗਾਇਆ ਜਾਣ ਵਾਲਾ ਪੱਕਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਸੀ। ਤਿੰਨ ਅਕਤੂਬਰ ਨੂੰ ਜਦੋਂ ਸਾਂਝੇ ਫਰੰਟ ਦੇ ਆਗੂ ਮੁੱਖ ਮੰਤਰੀ ਨੂੰ ਮਿਲਣ ਲਈ ਪੁੱਜੇ ਤਾਂ ਮੁੱਖ ਮੰਤਰੀ ਦੁਆਰਾ ਸਾਂਝੇ ਫਰੰਟ ਦੀਆਂ ਮੰਗਾਂ ਸੁਣਨ ਦੀ ਬਜਾਏ ਆਗੂਆਂ ਨੂੰ ਨਿੱਜੀ ਮੁਸ਼ਕਿਲਾਂ ਦੱਸਣ ਲਈ ਕਹਿ ਕੇ ਜਲੀਲ ਕਰਨ ਦਾ ਕੰਮ ਕੀਤਾ ਗਿਆ ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ।

ਇਸ ਮੌਕੇ ਕੁਲਵਰਨ ਸਿੰਘ, ਕੁਲਦੀਪ ਸਿੰਘ ਖੰਨਾ, ਬਲਦੇਵ ਸਿੰਘ ਮੰਡਾਲੀ, ਹਰਭਜਨ ਪਿਲਖਣੀ, ਵਿਕਰਮਦੇਵ ਸਿੰਘ, ਸੁਖਵਿੰਦਰ ਚਾਹਲ, ਬਲਕਾਰ ਸਿੰਘ ਵਲਟੋਹਾ, ਰਵਿੰਦਰ ਲੂਥਰਾ, ਮਲਾਗਰ ਸਿੰਘ ਖਮਾਣੋ, ਧਰਮਿੰਦਰ ਸਿੰਘ ਭੰਗੂ, ਨਰਿੰਦਰ ਮੋਹਨ ਸ਼ਰਮਾਂ, ਸ਼ਕੁੰਤਲਾ ਸਰੋਏ ਨਵਾਂ ਸ਼ਹਿਰ, ਰਾਣੋ ਖੇੜੀ, ਹਰਗੋਬਿੰਦ ਕੌਰ, ਅਮਰਜੀਤ ਕੌਰ, ਮਮਤਾ ਸ਼ਰਮਾਂ, ਗਗਨਦੀਪ ਕੌਰ ਆਦਿ ਨੇ ਵੀ ਸੰਬੋਧਨ ਕੀਤਾ।

-PTC News