Corona Vaccination: 12 ਸਾਲ ਤੋਂ ਉਪਰ ਬੱਚਿਆਂ ਦੀ ਵੈਕਸੀਨੇਸ਼ਨ ਜਲਦ ਹੋ ਰਹੀ ਸ਼ੁਰੂ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਤੋਂ ਬਚਣ ਲਈ ਦੇਸ਼ ਭਰ ਵਿਚ ਕੋਰੋਨਾ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ। 18 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਕੋਰੋਨਾ ਦੇ ਵਿਰੁੱਧ ਟੀਕਾ ਲਗਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਛੇਤੀ ਹੀ ਦੇਸ਼ ਵਿੱਚ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। NTAGI ਦੇ ਚੇਅਰਪਰਸਨ ਐਨਕੇ ਅਰੋੜਾ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਛੇਤੀ ਹੀ ਭਾਰਤ ਵਿੱਚ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ।

ਅੱਗੇ ਡਾ. ਐਨਕੇ ਅਰੋੜਾ ਨੇ ਕਿਹਾ, ‘ਅਸੀਂ ਪਹਿਲਾਂ ਉਨ੍ਹਾਂ ਬੱਚਿਆਂ ਦਾ ਟੀਕਾਕਰਨ ਕਰਨ ਦੀ ਤਿਆਰੀ ਕਰ ਰਹੇ ਹਾਂ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਬਿਮਾਰੀ ਹੈ। ਅਜਿਹੇ ਬੱਚਿਆਂ ਨੂੰ ਪਹਿਲਾਂ ਟੀਕਾ ਲਗਾ ਕੇ, ਅਸੀਂ ਬਾਕੀ ਬੱਚਿਆਂ ਦੀ ਵੀ ਸੁਰੱਖਿਆ ਕਰ ਸਕਦੇ ਹਾਂ। ਇਸ ਤੋਂ ਬਾਅਦ, ਹੌਲੀ ਹੌਲੀ 12 ਸਾਲ ਤੋਂ ਵੱਧ ਉਮਰ ਦੇ ਸਾਰੇ ਬੱਚਿਆਂ ਨੂੰ ਟੀਕਾ ਲਗਾਇਆ ਜਾਵੇਗਾ।

ਦੱਸਣਯੋਗ ਹੈ ਕਿ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਕੁੱਲ 18 ਹਜ਼ਾਰ 346 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 263 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਮਾਮਲੇ ਪਿਛਲੇ 209 ਦਿਨਾਂ ਵਿੱਚ ਸਭ ਤੋਂ ਘੱਟ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ 29,639 ਲੋਕ ਤੰਦਰੁਸਤ ਵੀ ਹੋਏ ਹਨ।

ਇਸ ਦੇ ਨਾਲ ਹੀ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਭਾਰਤ ਵਿੱਚ ਹੁਣ 2,52,902 ਸਰਗਰਮ ਕੋਰੋਨਾ ਮਰੀਜ਼ ਬਾਕੀ ਹਨ, ਜੋ ਕਿ 200 ਦਿਨਾਂ ਵਿੱਚ ਸਭ ਤੋਂ ਘੱਟ ਹੈ। ਮੰਤਰਾਲੇ ਨੇ ਕਿਹਾ ਕਿ ਐਕਟਿਵ ਕੇਸ ਕੁੱਲ ਮਾਮਲਿਆਂ ਦਾ 0.75 ਫੀਸਦੀ ਹਨ, ਜੋ ਮਾਰਚ 2021 ਤੋਂ ਬਾਅਦ ਸਭ ਤੋਂ ਘੱਟ ਹੈ, ਜਦੋਂ ਕਿ ਰਿਕਵਰੀ ਰੇਟ 97.93 ਫੀਸਦੀ ਦਰਜ ਕੀਤੀ ਗਈ ਹੈ, ਜੋ ਕਿ ਮਾਰਚ 2021 ਤੋਂ ਬਾਅਦ ਸਭ ਤੋਂ ਵੱਧ ਹੈ।

-PTC News