ਪਤਨੀ ਦਾ ਕਤਲ ਕਰਨ ਵਾਲੇ ਪਤੀ ਦੀ ਵੀ ਮਿਲੀ ਲਾਸ਼, ਜਾਣੋ ਪੂਰਾ ਮਾਮਲਾ

ਫਗਵਾੜਾ: ਫਗਵਾੜਾ ਵਿਚ ਆਪਣੀ ਹੀ ਪਤਨੀ ਦਾ ਕਤਲ ਕਰਨ ਵਾਲੇ ਪਤੀ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਘਟਨਾ ਫਗਵਾੜਾ ਨਜਦੀਕ ਨਾਨਕ ਨਗਰੀ ਚਹੇੜੂ ਵਿਖੇ ਦੀ ਹੈ ਜਿਥੇ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪਤੀ ਦੀ ਵੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਸੁਨਸਾਨ ਜਗ੍ਹਾ ਤੋਂ ਮਿਲ ਗਈ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਕਿਸ਼ਨ ਪਾਲ ਵਾਸੀ ਨਾਨਕ ਨਗਰੀ ਚਹੇੜੂ ਵੱਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕ ਕਿਸ਼ਨ ਪਾਲ ਨੇ ਬੀਤੇ ਦਿਨੀ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਤੇ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ। ਸਰਪੰਚ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਕਿਸ਼ਨ ਪਾਲ ਦੀ ਮੌਤ ਕਿਸ ਤਰਾਂ ਤੇ ਕਿਵੇਂ ਹੋਈ ਇਸ ਬਾਰੇ ਕੁੱਝ ਨਹੀ ਪਤਾ। ਫਿਲਹਾਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਮੌਕੇ ‘ਤੇ ਪਹੁੰਚੇ ਥਾਣਾ ਸਤਨਾਮਪੁਰਾ ਦੀ ਐੱਸ.ਐੱਚ.ਓ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਕਿਸ਼ਨ ਪਾਲ ਦੀ ਲਾਸ਼ ਜਿਸ ਜਗ੍ਹਾ ਤੋਂ ਮਿਲੀ ਹੈ ਉਸ ਨਜਦੀਕ ਕੁੱਝ ਲੋਕ ਝੁੱਗੀਆ ਵਿੱਚ ਰਹਿੰਦੇ ਹਨ, ਜਿਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਕਿਸੇ ਵਿਅਕਤੀ ਦੀ ਲਾਸ਼ ਸੁਨਸਾਨ ਜਗ੍ਹਾ ‘ਚ ਪਈ ਹੈ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਐੱਸ.ਐੱਚ.ਓ ਮੁਤਾਬਿਕ ਮ੍ਰਿਤਕ ਕਿਸ਼ਨ ਪਾਲ ਨੇ ਆਪਣੀ ਪਤਨੀ ਦਾ ਕਤਲ ਕੀਤਾ ਸੀ ਜੋ ਕਿ ਮੌਕੇ ਤੋਂ ਫਰਾਰ ਸੀ ਤੇ ਪੁਲਿਸ ਇਸ ਦੀ ਭਾਲ ਕਰ ਰਹੀ ਸੀ। ਉਨਾਂ ਕਿਹਾ ਕਿ ਮ੍ਰਿਤਕ ਕਿਸ਼ਨ ਪਾਲ ਦੀ ਮੌਤ ਕਿਸ ਤਰਾਂ ਹੋਈ ਇਹ ਤਾਂ ਪੋਸਟਮਾਰਟਮ ਲਈ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

-PTC News