ਧਾਰਮਿਕ ਪ੍ਰੀਖਿਆ ਵਿੱਚੋਂ ਮੈਰਿਟ ’ਚ ਆਏ ਵਿਦਿਆਰਥੀਆਂ ਦਾ ਬੀਬੀ ਜਗੀਰ ਕੌਰ ਨੇ ਕੀਤਾ ਸਨਮਾਨ

ਧਾਰਮਿਕ ਪ੍ਰੀਖਿਆ ਵਿੱਚੋਂ ਮੈਰਿਟ ’ਚ ਆਏ ਵਿਦਿਆਰਥੀਆਂ ਦਾ ਬੀਬੀ ਜਗੀਰ ਕੌਰ ਨੇ ਕੀਤਾ ਸਨਮਾਨ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਫ਼ਰਵਰੀ 2021 ’ਚ ਲਈ ਗਈ ਧਾਰਮਿਕ ਪ੍ਰੀਖਿਆ ਦੇ ਮੈਰਿਟ ਵਿਚ ਆਏ 20 ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਇਨਾਮੀ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਤਿੰਨ ਅਵੱਲ ਆਏ ਸਿਖਿਆਰਥੀਆਂ ਨੂੰ ਵੀ ਵਿਸ਼ੇਸ਼ ਰਾਸ਼ੀ ਨਾਲ ਸਨਮਾਨਿਤ ਕੀਤਾ।

ਬੀਬੀ ਜਗੀਰ ਕੌਰ ਨੇ ਪਹਿਲੇ ਸਥਾਨ ਵਾਲਿਆਂ ਨੂੰ 5100, ਦੂਸਰੇ ਸਥਾਨ ’ਤੇ ਆਉਣ ਵਾਲਿਆਂ ਨੂੰ 4100 ਅਤੇ ਤੀਜੇ ਸਥਾਨ ਲਈ 3100 ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ। ਇਸੇ ਦੌਰਾਨ ਉਨ੍ਹਾਂ ਧਾਰਮਿਕ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅਰਸੇ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਅੰਦਰ ਸਿੱਖੀ ਚੇਤਨਤਾ ਫੈਲਾਅ ਰਹੀ ਹੈ ਅਤੇ ਹਰ ਸਾਲ ਇਸ ਪ੍ਰੀਖਿਆ ਵਿਚ ਹਜ਼ਾਰਾਂ ਵਿਦਿਆਰਥੀ ਬੈਠਦੇ ਹਨ।

ਇਸ ਦੇ ਨਾਲ ਹੀ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਵੀ ਆਮ ਸ਼ਰਧਾਲੂਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜ ਰਿਹਾ ਹੈ। ਇਨ੍ਹਾਂ ਵਿੱਚੋਂ ਮੈਰਿਟ ਹਾਸਲ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵਿਸ਼ੇਸ਼ ਰਾਸ਼ੀ ਦੇ ਕੇ ਸਨਮਾਨਿਤ ਕਰਦੀ ਹੈ, ਜਿਸ ਤਹਿਤ ਅੱਜ 23 ਵਿਦਿਆਰਥੀਆਂ ਨੂੰ ਸਨਮਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮੰਤਵ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਸੰਗਤਾਂ ਨੂੰ ਸਿੱਖੀ ਨਾਲ ਜੋੜਨਾ ਹੈ, ਜਿਸ ਲਈ ਇਹ ਦੋਵੇਂ ਪ੍ਰੀਖਿਆਵਾਂ ਕਾਰਗਰ ਸਾਬਤ ਹੋ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਫ਼ਰਵਰੀ 2021 ’ਚ ਲਈ ਗਈ ਧਾਰਮਿਕ ਪ੍ਰੀਖਿਆ ਦੌਰਾਨ 1093 ਵਿਦਿਆਰਥੀਆਂ ਨੇ ਵਜੀਫਾ ਹਾਸਲ ਕੀਤਾ ਹੈ, ਜਦਕਿ 20 ਵਿਦਿਆਰਥੀ ਮੈਰਿਟ ਵਿਚ ਆਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਬੀਬੀ ਜੋਗਿੰਦਰ ਕੌਰ ਧਰਮਕੋਟ, ਮੀਤ ਸਕੱਤਰ ਸਿਮਰਜੀਤ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਓਐਸਡੀ ਡਾ. ਸੁਖਬੀਰ ਸਿੰਘ, ਪਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ ਪ੍ਰਚਾਰ, ਪ੍ਰੋ. ਸੁਖਦੇਵ ਸਿੰਘ ਇੰਚਾਰਜ, ਕਰਤਾਰ ਸਿੰਘ, ਭਾਈ ਸਰਬਜੀਤ ਸਿੰਘ ਹੈੱਡ ਪ੍ਰਚਾਰਕ, ਪ੍ਰਿੰਸੀਪਲ ਸਵਰਨ ਸਿੰਘ ਆਦਿ ਮੌਜੂਦ ਸਨ।
-PTCNews