ਜਲੰਧਰ ‘ਚ ਬੱਸ ਸਟੈਂਡ ਦੇ ਬਾਹਰ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਹੋਈ ਮੌਤ

ਜਲੰਧਰ: ਮਹਾਨਗਰ ਜਲੰਧਰ ਵਿੱਚ ਗੋਲੀਬਾਰੀ ਦੀ ਵੱਡੀ ਘਟਨਾ ਵਾਪਰੀ ਹੈ। ਮਾਮੂਲੀ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖ਼ਮੀ ਹੈ। ਗੋਲੀ ਚਲਾਉਣ ਵਾਲੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਨੇ ਮੌਕੇ ਤੋਂ ਦੋ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਘਟਨਾ ਦੇ ਕਾਰਨਾਂ ਦਾ ਤੁਰੰਤ ਖੁਲਾਸਾ ਨਹੀਂ ਹੋ ਸਕਿਆ।

ਜਾਣਕਾਰੀ ਅਨੁਸਾਰ ਬੱਸ ਸਟੈਂਡ ਫਲਾਈਓਵਰ ਨੇੜੇ ਕੁਝ ਵਿਅਕਤੀਆਂ ਵੱਲੋਂ ਪਾਰਟੀ ਕੀਤੀ ਜਾ ਰਹੀ ਸੀ। ਇਸ ‘ਚ ਟੈਕਸੀ ਦਾ ਕਾਰੋਬਾਰ ਕਰਨ ਵਾਲੇ ਅਰਮਾਨ ਟਰੈਵਲ ਦੇ ਲੋਕ ਉਥੇ ਪਾਰਟੀ ਕਰ ਰਹੇ ਸਨ। ਇਸ ਦੌਰਾਨ ਉਥੇ ਮੌਜੂਦ ਆਟੋ ਚਾਲਕਾਂ ਨਾਲ ਝਗੜਾ ਹੋ ਗਿਆ। ਦੱਸਿਆ ਗਿਆ ਹੈ ਕਿ ਪਹਿਲਾਂ ਹੱਥੋਪਾਈ ਹੋਈ, ਕੁੱਟਮਾਰ ਕੀਤੀ ਗਈ ਅਤੇ ਫਿਰ ਇੱਟਾਂ ਰੋੜੇ ਮਾਰੇ ਗਏ। ਇਸ ਦੌਰਾਨ ਇੱਕ ਪਾਸੇ ਤੋਂ ਗੋਲੀਆਂ ਚਲਾਈਆਂ ਗਈਆਂ। ਗੋਲੀ ਲੱਗਣ ਕਾਰਨ ਅਨਿਕੇਤ ਉਰਫ਼ ਲੱਕੀ ਵਾਸੀ ਅਰਜੁਨ ਨਗਰ, ਲਾਡੋਵਾਲੀ ਰੋਡ ਗੰਭੀਰ ਜ਼ਖ਼ਮੀ ਹੋ ਗਿਆ। ਲੱਕੀ ਨੂੰ ਗੋਲੀ ਲੱਗਦੇ ਹੀ ਹਲਚਲ ਮਚ ਗਈ। ਉੱਥੇ ਮੌਜੂਦ ਲੋਕਾਂ ਵੱਲੋਂ ਲੱਕੀ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ‘ਚ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ।

ਸੂਚਨਾ ਮਿਲਦੇ ਹੀ ਏ.ਡੀ.ਸੀ.ਪੀ ਸਿਟੀ-1 ਸੋਹੇਲ ਮੀਰ, ਡੀ.ਐੱਸ.ਪੀ. ਮਨਜੀਤ ਸਿੰਘ, ਥਾਣਾ ਨੰਬਰ 6 ਦੇ ਐਸ.ਐਚ.ਓ. ਸੁਰਜੀਤ ਸਿੰਘ ਮੌਕੇ ’ਤੇ ਪਹੁੰਚ ਗਏ ਹਨ। ਚਸ਼ਮਦੀਦਾਂ ਮੁਤਾਬਕ ਅਰਮਾਨ ਟਰੈਵਲ ਦੇ ਲੋਕਾਂ ਵੱਲੋਂ ਆਪਸ ਵਿੱਚ ਪਾਰਟੀ ਕੀਤੀ ਜਾ ਰਹੀ ਸੀ। ਸੜਕ ਦੇ ਵਿਚਕਾਰ ਕਰੀਬ 10-12 ਨੌਜਵਾਨ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਉਸ ਦਾ ਲੱਕੀ ਨਾਲ ਕੁਝ ਝਗੜਾ ਹੋ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਧਿਰਾਂ ਵਿਚਾਲੇ ਪੁਰਾਣੀ ਦੁਸ਼ਮਣੀ ਸੀ ਜਾਂ ਨਹੀਂ। ਇਹ ਵੀ ਚਰਚਾ ਹੈ ਕਿ ਵਾਰਦਾਤ ਸਮੇਂ ਗੈਂਗਸਟਰ ਵੀ ਮੌਕੇ ‘ਤੇ ਮੌਜੂਦ ਸਨ।

ਮੌਕੇ ‘ਤੇ ਮੌਜੂਦ ਅਵੀ ਕੁਮਾਰ ਨੇ ਦੱਸਿਆ ਕਿ ਉਹ ਆਟੋ ਚਲਾਉਂਦਾ ਹੈ। ਉਹ ਇਕੱਠੇ ਬੈਠੇ ਸਨ। ਇਸ ਦੌਰਾਨ ਅਰਮਾਨ ਟਰੈਵਲ ਦੇ 10-12 ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਆਟੋ ਚਾਲਕ ਨੇ ਦੱਸਿਆ ਕਿ ਉਹ ਅਤੇ ਲੱਕੀ ਆਪਣਾ ਕੰਮ ਕਰ ਰਹੇ ਸਨ ਕਿ ਅਚਾਨਕ ਸਾਹਮਣੇ ਤੋਂ ਸ਼ਰਾਬ ਪੀ ਰਹੇ ਅਰਮਾਨ ਟਰੈਵਲ ਦੇ ਵਿਅਕਤੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਇਸ ਸਬੰਧੀ ਏਡੀਸੀਪੀ ਸੋਹੇਲ ਮੀਰ ਦਾ ਕਹਿਣਾ ਹੈ ਕਿ ਘਟਨਾ ਦੀ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਲੱਕੀ ਮਰ ਗਿਆ ਹੈ। ਘਟਨਾ ਦੀ ਹਰ ਪਹਿਲੂ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਏਡੀਸੀਪੀ ਨੇ ਦੱਸਿਆ ਕਿ ਪੁਲੀਸ ਨੂੰ ਮੌਕੇ ਤੋਂ 2 ਖੋਲ ਮਿਲੇ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਧਿਰ ਨੂੰ ਮੁਲਜ਼ਮ ਦੀ ਪਛਾਣ ਪਤਾ ਹੈ। ਜਿਸ ਦੀ ਮਦਦ ਨਾਲ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਕਾਬੂ ਕਰ ਲਿਆ ਜਾਵੇਗਾ।

 

-PTC News